daily news qadian ਪੰਜਾਬੀ ਗੀਤਕਾਰੀ ਦੇ ਥੰਮ ਹਰਦਿਆਲ ਸਿੰਘ ਚੀਮਾ ਦੇ ਰਿਕਾਰਡ ਹੋਏ ਗੀਤਾਂ ਦੇ ਪੋਸਟਰ ਰਿਲੀਜ਼ ਸਮਾਰੋਹ
ਪੰਜਾਬੀ ਗੀਤਕਾਰੀ ਦੇ ਥੰਮ ਹਰਦਿਆਲ ਸਿੰਘ ਚੀਮਾ ਦੇ ਰਿਕਾਰਡ ਹੋਏ ਗੀਤਾਂ ਦੇ ਪੋਸਟਰ ਰਿਲੀਜ਼ ਸਮਾਰੋਹ-
daily news qadian
MD Gurpreet singh
(ਸਿਆਟਲ):-ਪੇਂਡੂ ਸਾਹਿਤ ਸਭਾ(ਰਜਿ.)ਬਾਲਿਆਂ ਵਾਲੀ,ਬਠਿੰਡਾ ਵੱਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਵਿਖੇ ਇੱਕ ਨਿਵੇਕਲਾ ਪ੍ਰੋਗਰਾਮ, ਗੀਤ ਗਾਇਕੀ ਅਤੇ ਪੋਸਟਰ ਰਿਲੀਜ਼ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਅਮਰੀਕਾ ਵੱਸਦੇ ਗੀਤਕਾਰ ਹਰਦਿਆਲ ਸਿੰਘ ਚੀਮਾ (ਵਹਿਣੀਵਾਲ), ਸਾਬਕਾ ਪ੍ਰਧਾਨ-ਪੰਜਾਬੀ ਲਿਖਾਰੀ ਸਭਾ ਸਿਆਟਲ, ਦੇ ਗੀਤਾਂ ‘ਬਾਬੇ ਨਾਨਕ ਦਾ ਅਵਤਾਰ’(ਦੇਸੀ ਟੱਚ ਬੀ ਕੰਪਨੀ ਦੀ ਪੇਸ਼ਕਸ, ਐਚ.ਐਸ. ਦੇ ਮਿਊਜ਼ਿਕ ਅਤੇ ਲਖਵਿੰਦਰ ਸਿਧੂ ਦੀ ਵੀਡੀਓਗਰਾਫੀ) ਅਤੇ ‘ਜੱਜ ਤੋਂ ਨਿਆਂ ’(ਧਾਲੀਵਾਲ ਰੀਕਾਰਡਜ਼ ਯੂ.ਐਸ.ਏ ਦੀ ਪੇਸ਼ਕਸ਼ ਅਤੇ ਲਖਵਿੰਦਰ ਸਿਧੂ ਦੀ ਵੀਡੀਓਗਰਾਫੀ) ਦੇ ਪੋਸਟਰ, ਰਿਲੀਜ਼ ਕੀਤੇ ਗਏ।
ਲੋਕ ਮਨਾਂ ਵਿੱਚ ਵਸੇ ਅਨੇਕਾਂ ਪੰਜਾਬੀ ਗੀਤਾਂ ਦੀ ਗਾਇਕਾ ਰੋਜ਼ੀ ਬਾਵਾ ਬਠਿੰਡਾ ਨੇ ਮੌਕੇ ਤੇ ਆਪਣੀ ਬੁਲੰਦ ਆਵਾਜ਼ ਵਿੱਚ ਇਹਨਾਂ ਗੀਤਾਂ ਨੂੰ ਸੁਰਾਂ ਦੇ ਕੇ ਦਰਸ਼ਕਾਂ-ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਅੱਜ ਦੇ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਅਸ਼ੋਕ ਬਾਂਸਲ ਮਾਨਸਾ, ਸਟੇਟ ਐਵਾਰਡੀ ਅਮਰਜੀਤ ਸਿੰਘ ਪੇਂਟਰ,ਉੱਘੇ ਵਿਅੰਗਕਾਰ ਮੰਗਤ ਕੁਲਜਿੰਦ ਯੂ.ਐਸ.ਏ, ਸਭਾ ਦੇ ਪ੍ਰਧਾਨ ਜੀਤ ਸਿੰਘ ਚਹਿਲ,ਜਨਰਲ ਸਕੱਤਰ ਸੁਖਦਰਸ਼ਨ ਗਰਗ ਅਤੇ ਮਾਸਟਰ ਦਰਸ਼ਨ ਸਿੰਘ ਸਿੱਧੂ ਸ਼ਾਮਿਲ ਸਨ। ਨਵੇਂ ਉੱਭਰਦੇ ਗੀਤਕਾਰ ਤੇ ਗਾਇਕ ਜਸਵੀਰ ਸਿੰਘ ਭੁੱਲਰ ਨੇ ਆਪਣੇ ਗੀਤਾਂ ਨਾਲ ਜਾਣ ਪਛਾਣ ਕਰਾਉਂਦਿਆਂ ਰੰਗ ਬੰਨ੍ਹਿਆ। ਕੁਲਦੀਪ ਮਤਵਾਲਾ ਨੇ ‘ਕੁਖ ਤੇ ਕਬਰ’ ਗੀਤ ਗਾ ਕੇ ਦਰਸ਼ਕਾਂ ਨੂੰ ਭਾਵਕ ਕਰ ਦਿੱਤਾ।ਕਵੀਸ਼ਰ ਬਲਦੇਵ ਸਿੰਘ,ਗੁਰਤੇਜ ਸਿੰਘ ਨੇ ਵੀ ਆਪਣੀ ਹਾਜ਼ਰੀ ਲਗਵਾਈ ।ਪ੍ਰਸਿੱਧ ਗੀਤਾਂ ਦੇ ਭੁੱਲੇ ਵਿਸਰੇ ਲੇਖਕਾਂ ਦੇ ਖੋਜਕਾਰ ਅਸ਼ੋਕ ਬਾਂਸਲ ਨੇ ਆਪਣੀ ਖੋਜ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਮੰਗਤ ਕੁਲਜਿੰਦ ਸੰਪਾਦਕ ਸ਼ਬਦ ਤ੍ਰਿੰਜਣ ਨੇ ਪੰਜਾਬੀ ਭਾਸ਼ਾ ਵਿੱਚ ਆ ਰਹੇ ਨਵੇਂ ਵਿਸ਼ਵ-ਵਿਆਪੀ ਸ਼ਬਦਾਂ ਅਤੇ ਅਮਰੀਕਾ,ਕੈਨੇਡਾ ਦੇ ਸਾਹਿਤਕਾਰਾਂ ਬਾਰੇ ਗੱਲ ਕੀਤੀ।
ਅਮਰਜੀਤ ਸਿੰਘ ਪੇਂਟਰ ਨੇ ਸਭਾ ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਕਿਹਾ ਕਿ ਇਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ, ਉਹਨਾਂ ਸਾਹਿਤ ਤੇ ਕਲਾ ਦੇ ਸੁਮੇਲ ਦੀ ਗੱਲ ਕੀਤੀ।ਮਾਸਟਰ ਜਗਨ ਨਾਥ ਨੇ ਅਲੋਪ ਹੋ ਰਹੇ ਸ਼ਬਦਾਂ ਦੀ ਗੱਲ ਕੀਤੀ ਅਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਦਿਆਂ ਆਪਣੀਆਂ ਕਵਿਤਾਵਾਂ-ਗੀਤਾਂ ਨਾਲ ਪ੍ਰੋਗਰਾਮ ਦੀ ਰੌਚਕਤਾ ਬਣਾਈ ਰੱਖੀ।ਅੱਜ ਦੇ ਦੌਰ ਦੇ ਸਥਾਪਿਤ ਰੁਬਾਈਕਾਰ ਅਤੇ ਸਭਾ ਦੇ ਜਨਰਲ ਸਕੱਤਰ ਸੁਖਦਰਸ਼ਨ ਗਰਗ ਨੇ ਸਭਾ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਵਿੱਚ ਮਾਸਟਰ ਇੰਦਰ ਸਿੰਘ,ਗੁਰਮੇਲ ਸਿੰਘ ਮੇਲਾ,ਹਰਜਿੰਦਰ ਕੌਰ,ਨਸੀਬ ਸ਼ਰਮਾ,ਦੇਵਰਾਜ ਗੋਇਲ ਅਤੇ ‘ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ’ ਦੀ ਮੁਖੀ ਗੁਰਪ੍ਰੀਤ ਕੌਰ ਹਾਜ਼ਰ ਸਨ।ਇਸ ਮੌਕੇ ਸਭਾ ਵੱਲੋਂ ਗਾਇਕਾ ਰੋਜ਼ੀ ਬਾਵਾ,ਲਖਵਿੰਦਰ ਸਿੰਘ ਸਿੱਧੂ ਅਤੇ ਅਸ਼ੋਕ ਬਾਂਸਲ ਨੂੰ ਉਹਨਾਂ ਦੇ ਸਾਹਿਤਕ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ।ਸਤਿਕਾਰਿਤ ਸ਼ਖਸੀਅਤਾਂ ਵੱਲੋਂ ਸਭਾ ਨੂੰ ਕੀਤੀ ਗਈ ਸਹਾਇਤਾ ਲਈ ਧੰਨਵਾਦ ਕੀਤਾ ਗਿਆ ਅਤੇ ਅੰਤ ਵਿੱਚ 14ਨਵੰਬਰ2022 ਨੂੰ ਕਰਵਾਏ ਜਾ ਰਹੇ 19ਵੇਂ ਢਾਡੀ- ਕਵੀਸ਼ਰੀ ਸਮਾਰੋਹ ਅਤੇ 10ਵੇਂ ਅੰਤਰ ਸਕੂਲ ਅਤੇ ਅੰਤਰ ਕਾਲਜ ਚਿੱਤਰਕਲਾ ਮੁਕਾਬਲੇ ਦੇ ਬਾਰੇ ਜਾਣਕਾਰੀ ਦਿੱਤੀ ਗਈ।





Comments
Post a Comment